Friday, September 30, 2022
Homeਪੰਜਾਬ ਨਿਊਜ਼ਚੇਤਨ ਸਿੰਘ ਜੌੜਾਮਾਜਰਾ ਨੇ ਅੱਖਾਂ ਦਾਨ ਕਰਨ ਦਾ ਅਹਿਦ ਲੈ ਕੇ ਕੀਤੀ...

ਚੇਤਨ ਸਿੰਘ ਜੌੜਾਮਾਜਰਾ ਨੇ ਅੱਖਾਂ ਦਾਨ ਕਰਨ ਦਾ ਅਹਿਦ ਲੈ ਕੇ ਕੀਤੀ ਨੇਤਰ ਦਾਨ ਮੁਹਿੰਮ ਦੀ ਸ਼ੁਰੂਆਤ  

  • 37ਵਾਂ ਕੌਮੀ ਨੇਤਰ ਦਾਨ ਪੰਦਰਵਾੜਾ ਮਨਾਉਣ ਲਈ ਸੂਬਾ ਪੱਧਰੀ ਸਮਾਗਮ ਕਰਵਾਇਆ
  • ਰਾਜਿੰਦਰਾ ਹਸਪਤਾਲ ਵਿੱਚ ਮੁਫ਼ਤ ਕੈਰਟੋਪਲਾਸਟੀ ਕਰਾਉਣ ਵਾਲੇ ਮਰੀਜ਼ਾਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
  • ਸੂਬੇ ਦੇ ਹਸਪਤਾਲ ਨਹੀਂ ਹੋਣਗੇ ਮਹਿਜ਼ ਰੈਫਰਲ ਹਸਪਤਾਲ: ਸਿਹਤ ਮੰਤਰੀ
  • ਰਾਜਿੰਦਰਾ ਤੇ ਮਾਤਾ ਕੌਸ਼ੱਲਿਆ ਹਸਪਤਾਲਾਂ ਦੀ ਪੁਰਾਣੀ ਸ਼ਾਨ ਬਹਾਲ ਕੀਤੀ ਜਾਵੇਗੀ: ਜੌੜਾਮਾਜਰਾ 
ਚੰਡੀਗੜ, PUNJAB NEWS () : ਸੂਬੇ ਵਿੱਚ ‘ਨੇਤਰ ਦਾਨ’ ਸਬੰਧੀ ਲਹਿਰ ਦੀ ਸੁਰੂਆਤ ਕਰਨ ਦੇ ਉਦੇਸ਼ ਨਾਲ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਅੱਖਾਂ ਦਾਨ ਕਰਕੇ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਇੱਕ ਨਿਵੇਕਲੀ ਪਹਿਲ ਕੀਤੀ ਹੈ।
ਚੇਤਨ ਸਿੰਘ ਜੌੜਾਮਾਜਰਾ ਨੇ 37ਵੇਂ ਰਾਸ਼ਟਰੀ ਨੇਤਰ ਦਾਨ ਪੰਦਰਵਾੜੇ ਮੌਕੇ ਸਰਕਾਰੀ ਡੈਂਟਲ ਕਾਲਜ ਆਡੀਟੋਰੀਅਮ ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਖਾਂ ਦਾਨ ਕਰਨ ਸਬੰਧੀ ਸੁਰੂ ਕੀਤੀ ਜਾਗਰੂਕਤਾ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਲਈ ਲੋਕਾਂ ਨੂੰ ਸਵੈ-ਇੱਛਾ ਨਾਲ ਅੱਗੇ ਆਉਣ ਲਈ ਕਿਹਾ। ਇਸ ਮੌਕੇ ਉਨਾਂ ਨਾਲ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ: ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਹਾਜ਼ਰ ਸਨ।

ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਮਹਿਜ਼ ਰੈਫਰਲ ਹਸਪਤਾਲ ਨਹੀਂ ਬਣਨ ਦਿੱਤਾ ਜਾਵੇਗਾ

ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਨਾਲ ਸਬੰਧਤ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਮਹਿਜ਼ ਰੈਫਰਲ ਹਸਪਤਾਲ ਨਹੀਂ ਬਣਨ ਦਿੱਤਾ ਜਾਵੇਗਾ। ਸਿਹਤ ਦੇ ਖੇਤਰ ਵਿੱਚ ਪੰਜਾਬ ਨੂੰ  ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਮੁੱਖ ਤਰਜੀਹ ਹੈ। ਉਨਾਂ ਕਿਹਾ ਕਿ ਇਸ ਵਾਅਦੇ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।

ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਦੀ ਪੁਰਾਣੀ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ

ਮੰਤਰੀ ਨੇ ਕਿਹਾ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਦੀ ਪੁਰਾਣੀ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ ਅਤੇ ਇਨਾਂ ਹਸਪਤਾਲਾਂ ਵਿੱਚ ਅਤਿ-ਆਧੁਨਿਕ ਸਹੂਲਤਾਂ ਅਤੇ ਵਧੀਆ ਡਾਕਟਰ ਮੁਹੱਈਆ ਕਰਵਾ ਕੇ ਪੀ.ਜੀ.ਆਈ ਦੀ ਤਰਜ਼ ‘ਤੇ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ।
ਉਨਾਂ ਅੱਗੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਪੰਜਾਬ ਦੇ ਸਰਕਾਰੀ ਹਸਪਤਾਲ ਵਿਦੇਸ਼ੀ ਨਾਗਰਿਕਾਂ ਨੂੰ ਇਲਾਜ ਲਈ ਆਕਰਸ਼ਿਤ ਕਰਨ ਲਈ ਕਿਫ਼ਾਇਤੀ ਦਰਾਂ ‘ਤੇ ਮੈਡੀਕਲ ਪੈਕੇਜ ਪ੍ਰਦਾਨ ਕਰਨਗੇ, ਜਿਸ ਨਾਲ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਹ ਆਮਦਨ ਦਾ ਇੱਕ ਚੰਗਾ ਸਰੋਤ ਬਣ ਸਕਦਾ ਹੈ।
ਇਸ ਮੌਕੇ ਤਿੰਨ ਮਰੀਜ਼ ਪਿੰਡ ਦੁਲੱਦੀ ਦੀ ਗੁਲਜ਼ਾਰ ਕੌਰ, ਪਾਤੜਾਂ ਦੀ ਸੀਮਾ ਰਾਣੀ ਅਤੇ ਚੀਕਾ ਦੀ ਤੇਜੋ ਦੇਵੀ ਵੀ ਮੌਜੂਦ ਸਨ, ਜਿਨਾਂ ਨੇ ਕਰੀਬ 10 ਸਾਲ ਦੇ ਲੰਮੇ ਅਰਸੇ ਤੋਂ ਬਾਅਦ ਅੱਖ ਦੀ ਪੁਤਲੀ ਬਦਲਣ ਸਬੰਧੀ ਆਪ੍ਰੇਸ਼ਨ ਦੀ ਮੁੜ ਸ਼ੁਰੂਆਤ ਹੋਣ ਤੋ ਬਾਅਦ ਰਾਜਿੰਦਰਾ ਹਸਪਤਾਲ ਵਿਖੇ ਮੁਫਤ ਕੋਰਨੀਅਲ ਟਰਾਂਸਪਲਾਂਟ ਕਰਵਾ ਕੇ ਆਪਣੀ ਅੱਖਾਂ ਦੀ ਰੋਸ਼ਨੀ ਮੁੜ ਹਾਸਲ ਕੀਤੀ। ਇਨਾਂ ਮਰੀਜਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਭਗਵੰਤ ਮਾਨ ਦੀ ਸਰਕਾਰ ਦਾ ਸਿਹਤ ਮਾਡਲ ਹੈ ਜੋ ਉਨਾਂ ਲਈ ਵਰਦਾਨ ਬਣ ਕੇ ਆਇਆ ਹੈ।

ਪੰਜਾਬ ਨੂੰ ਸਿਹਤ ਦੇ ਖੇਤਰ ਵਿੱਚ ਦੇਸ ਦਾ ਮੋਹਰੀ ਸੂਬਾ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਮੁੱਖ ਤਰਜੀਹ

ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਦੀਆਂ ਸਿਹਤ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਸਿਹਤ ਦੇ ਖੇਤਰ ਵਿੱਚ ਦੇਸ ਦਾ ਮੋਹਰੀ ਸੂਬਾ ਬਣਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਮੁੱਖ ਤਰਜੀਹ ਹੈ। ਇਸ ਮੰਤਵ ਲਈ ਸੂਬੇ ਵਿੱਚ 16 ਨਵੇਂ ਮੈਡੀਕਲ ਕਾਲਜ ਸਥਾਪਤ ਕੀਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਕਿਫ਼ਾਇਤੀ ਮੈਡੀਕਲ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।
ਉਨਾਂ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਪੂਰੀ ਤਨਦੇਹੀ ਨਾਲ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਅਤੇ ਇੱਕ ਟੀਮ ਵਜੋਂ ਕੰਮ ਕਰਨ ਦੀ ਵੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਵਿਧਾਇਕ ਡਾ. ਬਲਬੀਰ ਸਿੰਘ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਸਮੇਂ ਪਟਿਆਲਾ ਕੇਰਾਟੋਪਲਾਸਟੀ (ਅੱਖਾਂ ਦੀਆਂ ਪੁਤਲੀਆਂ ਦੀ ਬਦਲੀ) ਦਾ ਕੇਂਦਰ ਸੀ ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਨੂੰ ਪੂਰੀ ਤਰਾਂ ਅਣਗੌਲਿਆ ਕੀਤਾ ਗਿਆ। ਉਨਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਪੂਰਾ ਧਿਆਨ ਦੇ ਰਹੀ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਭਰੋਸਾ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਵੈ-ਇੱਛਾ ਨਾਲ ਅੱਖਾਂ ਦਾਨ ਕਰਨ ਦੇ ਸੁੁਨੇਹੇ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਕਿਸੇ ਕਾਰਨ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਮਰੀਜਾਂ ਨੂੰ ਅੱਖਾਂ ਦੀ ਰੌਸ਼ਨੀ ਵਾਪਸ ਮਿਲ ਸਕੇ।

ਅੱਖਾਂ ਦਾਨ ਕਰਨ ਸਬੰਧੀ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਕਿਹਾ

ਇਸ ਤੋਂ ਪਹਿਲਾਂ ਸਿਵਲ ਸਰਜਨ ਡਾ. ਰਾਜੂ ਧੀਰ ਨੇ ਸਿਹਤ ਮੰਤਰੀ ਦਾ ਰਸਮੀ ਸਵਾਗਤ ਕੀਤਾ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ ਨੇ ਪਟਿਆਲਾ ਨੂੰ ਸਾਲ 2024 ਤੱਕ ਮੋਤੀਆਬਿੰਦ ਮੁਕਤ ਜ਼ਿਲਾ ਬਣਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਟੇਟ ਪ੍ਰੋਗਰਾਮ ਅਫਸਰ ਡਾ. ਨੀਤੀ ਸਿੰਗਲਾ ਅਤੇ ਡਾ. ਜਤਿੰਦਰ ਕਾਂਸਲ ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਕਿਹਾ। ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਜੀ.ਐਸ. ਮਾਨ ਨੇ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਿਹਤ ਮੰਤਰੀ ਨੇ ਜ਼ਿਲਾ ਪਟਿਆਲਾ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਸਮੇਤ ਸੂਬੇ ਦੇ ਬਲਾਕ ਐਕਸਟੈਂਸਨ ਐਜੂਕੇਟਰਾਂ (ਬੀ.ਈ.ਈ.) ਨੂੰ  ਸਨਮਾਨਿਤ ਵੀ ਕੀਤਾ, ਜਿਨਾਂ ਵਿੱਚ ਸੰਗਰੂਰ ਤੋਂ ਨਰਿੰਦਰਪਾਲ ਸਿੰਘ, ਬਰਨਾਲਾ ਤੋਂ ਗੌਤਮ ਰਿਸ਼ੀ, ਫਾਜ਼ਿਲਕਾ ਤੋਂ ਦਿਵੇਸ਼ ਕੁਮਾਰ, ਰੂਪਨਗਰ ਤੋਂ ਰਿਤੂ ਮਹਿਤਾ ਅਤੇ ਪਟਿਆਲਾ ਤੋਂ ਸਰਬਜੀਤ ਸਿੰਘ ਸ਼ਾਮਲ ਹਨ।
ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ ਡਾ. ਇਸਮਤ ਵਿਜੈ ਸਿੰਘ, ‘ਆਪ’ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਈਵੈਂਟ ਇੰਚਾਰਜ ਅੰਗਰੇਜ ਸਿੰਘ, ਡਾਇਰੈਕਟਰ ਮੈਡੀਕਲ ਕਾਲਜ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ ਸਮੇਤ ਵਿਦਿਆਰਥੀ ਅਤੇ ਸਿਹਤ ਵਿਭਾਗ ਦਾ ਸਟਾਫ ਵੀ ਮੌਜੂਦ ਸੀ।
SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular