Wednesday, June 29, 2022
Homeਪੰਜਾਬ ਨਿਊਜ਼ਲੜਕੀਆਂ ਨੂੰ ਚਿੱਟੇ ਦੇ ਨਸ਼ੇ ਤੇ ਲਗਾ ਕੇ ਜ਼ਬਰਦਸਤੀ ਕਰਵਾਇਆ ਜਾਂਦਾ ਸੀ...

ਲੜਕੀਆਂ ਨੂੰ ਚਿੱਟੇ ਦੇ ਨਸ਼ੇ ਤੇ ਲਗਾ ਕੇ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਜਿਸਮਫਰੋਸ਼ੀ ਦਾ ਧੰਦਾ  

  • ਅੰਮ੍ਰਿਤਸਰ ਵਿੱਚ ਲੜਕੀਆਂ ਨੂੰ ਕੈਦ ਕਰਕੇ ਜ਼ਬਰਦਸਤੀ ਜਿਸਮਫਰੋਸ਼ੀ ਧੰਦਾ ਕਰਵਾਉਣ ਦਾ ਮਾਮਲਾ ਆਇਆ ਸਾਹਮਣੇ  
  • 21 ਸਾਲਾ ਲੜਕੀ ਨੇ ਵੀਡੀਓ ਬਣਾ ਕੇ ਕੀਤੀ ਵਾਇਰਲ, ਸਮਾਜ ਸੇਵੀ ਸੰਸਥਾ ਨੇ ਸਾਹਮਣੇ ਆ ਕੇ ਕੀਤੀ ਸਹਾਇਤਾ   
  • ਲੜਕੀ ਨੇ ਅਦਾਲਤ ਸਾਹਮਣੇ ਆ ਕੇ ਦਿੱਤੇ ਬਿਆਨ, ਪੁਲਸ ਨੇ ਮਾਮਲਾ ਦਰਜ ਕਰਕੇ 2 ਨੂੰ ਕੀਤਾ ਗ੍ਰਿਫਤਾਰ,ਬਾਕੀ ਫਰਾਰ  
  • ਸਾਹਮਣੇ ਆਏ ਲੜਕੀ ਨੇ ਕੀਤੇ ਅਹਿਮ ਖੁਲਾਸੇ-ਕਿਹਾ ਲੜਕੀਆਂ ਨੂੰ ਜਬਰਦਸਤੀ ਨਸ਼ਾ ਕਰਵਾ ਕੇ ਕਰਵਾਇਆ ਜਾਂਦਾ ਸੀ ਗ਼ਲਤ ਧੰਦਾ  
  • ਘਰ ਦੇ ਵਿੱਚ ਹੀ ਕੀਤਾ ਜਾਂਦਾ ਸੀ ਇਸ ਸਾਰਾ ਗੋਰਖ ਧੰਦਾ, ਸ਼ਹਿਰ ਤੋਂ ਬਾਹਰ ਵੀ ਕੀਤੀਆਂ ਜਾਂਦੀਆਂ ਸਨ ਲੜਕੀਆਂ ਸਪਲਾਈ  
ਇੰਡੀਆ ਨਿਊਜ਼, ਅੰਮ੍ਰਿਤਸਰ: ਅੰਮ੍ਰਿਤਸਰ ਦੇ ਵਿੱਚ ਲੜਕੀਆਂ ਨੂੰ ਜ਼ਬਰਦਸਤੀ ਨਸ਼ੇ ਦੀ ਲੱਤ ਲਗਾ ਕੇ ਉਨ੍ਹਾਂ ਦੇ ਕੋਲੋਂ ਜਿਸਮਫਰੋਸ਼ੀ ਧੰਦਾ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸਥਿਤ ਇਕ ਘਰ ਦੇ ਵਿਚ ਇਕ ਔਰਤ ਵੱਲੋਂ ਕੁਝ ਲੜਕੀਆਂ ਨੂੰ ਜ਼ਬਰਦਸਤੀ ਆਪਣੀ ਕੈਦ ਵਿੱਚ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਚਿੱਟੇ ਦੇ ਨਸ਼ੇ ਤੇ ਲਾ ਕੇ ਉਨ੍ਹਾਂ ਉਤੇ ਕੋਲੋ ਜ਼ਬਰਦਸਤੀ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਸੀ।
ਇਸ ਦੌਰਾਨ ਇਕ ਇੱਕੀ ਸਾਲਾ ਲੜਕੀ ਨੇ ਹਿੰਮਤ ਕਰਕੇ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਿਸ ਤੋਂ ਬਾਅਦ ਇਕ ਸਮਾਜ ਸੇਵੀ ਸੰਸਥਾ ਨੇ ਸਾਹਮਣੇ ਆ ਕੇ ਲੜਕੀ ਨੂੰ ਉਕਤ ਔਰਤ ਦੀ ਕੈਦ ਵਿੱਚੋਂ ਛੁਡਵਾਇਆ। ਸੰਸਥਾ ਵੱਲੋਂ ਸਭ ਤੋਂ ਪਹਿਲਾਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਪਰ ਜਦ ਪੁਲਸ ਨੇ ਉਚਿਤ ਕਾਰਵਾਈ ਨਾ ਕੀਤੀ ਤਾਂ ਅੱਜ ਸਮਾਜ ਸੇਵੀ ਸੰਸਥਾ ਦੇ ਕੁਝ ਮੈਂਬਰਾਂ ਨੇ ਲੜਕੀ ਨੂੰ ਨਾਲ ਲੈ ਕੇ ਅਦਾਲਤ ਦੇ ਵਿਚ ਪੇਸ਼ ਕੀਤਾ ਅਤੇ ਮਾਣਯੋਗ ਜੱਜ ਦੇ ਸਾਹਮਣੇ ਲੜਕੀ ਦੇ ਬਿਆਨ ਕਲਮਬੰਦ ਕਰਵਾਏ।
ਇਸ ਮੌਕੇ ਉਕਤ ਇੱਕੀ ਸਾਲਾ ਲੜਕੀ ਨੇ ਦੱਸਿਆ ਕਿ ਉਹ ਤਰਨਤਾਰਨ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ ਅਤੇ ਇਕ ਲੜਕੇ ਨਾਲ ਘਰੋਂ ਭੱਜ ਕੇ ਆ ਗਈ ਸੀ। ਇਸ ਉਪਰੰਤ ਉਕਤ ਰਾਹੁਲ ਨਾਮ ਦੇ ਲੜਕੇ ਨੇ ਉਸ ਨੂੰ ਬਟਾਲਾ ਰੋਡ ਤੇ ਰਹਿੰਦੀ ਉਕਤ ਔਰਤ ਦੇ ਕੋਲ ਵੇਚ ਦਿੱਤਾ। ਉਸ ਨੇ ਦੱਸਿਆ ਕਿ ਉਕਤ ਔਰਤ ਦੇ ਕੋਲ ਹੋਰ ਵੀ ਚਾਰ ਪੰਜ ਲੜਕੀਆਂ ਉਸਦੇ ਨਾਲ ਹੀ ਕੈਦ ਸਨ।

ਔਰਤ ਵੱਲੋਂ ਸਾਰੀਆਂ ਲੜਕੀਆਂ ਨੂੰ ਚਿੱਟੇ ਦਾ ਨਸ਼ਾ ਕਰਵਾਇਆ ਜਾਂਦਾ ਸੀ

ਲੜਕੀ ਨੇ ਖੁਲਾਸਾ ਕੀਤਾ ਕਿ ਉਕਤ ਔਰਤ ਵੱਲੋਂ ਸਾਰੀਆਂ ਲੜਕੀਆਂ ਨੂੰ ਚਿੱਟੇ ਦਾ ਨਸ਼ਾ ਕਰਵਾਇਆ ਜਾਂਦਾ ਸੀ ਤਾਂ ਜੋ ਉਹ ਆਪਣੀ ਮਰਜ਼ੀ ਦੇ ਮੁਤਾਬਕ ਉਨ੍ਹਾਂ ਦੇ ਕੋਲੋਂ ਕੰਮ ਕਰਵਾ ਸਕੇ। ਲੜਕੀ ਨੇ ਦੱਸਿਆ ਕਿ ਉਕਤ ਔਰਤ ਵੱਲੋਂ ਆਪਣੇ ਘਰ ਦੇ ਵਿੱਚ ਹੀ ਜਿਸਮਫਰੋਸ਼ੀ ਦਾ ਧੰਦਾ ਚਲਾਇਆ ਜਾਂਦਾ ਸੀ ਅਤੇ ਇਸ ਤੋਂ ਇਲਾਵਾ ਕਈ ਵਾਰ ਲੜਕੀਆਂ ਘਰ ਤੋਂ ਬਾਹਰ ਅਤੇ ਸ਼ਹਿਰੋਂ ਬਾਹਰ ਵੀ ਭੇਜੀਆਂ ਜਾਂਦੀਆਂ ਸਨ।
ਉਸ ਨੇ ਦੱਸਿਆ ਕਿ ਜਦ ਵੀ ਕਿਸੇ ਲੜਕੀ ਵੱਲੋਂ ਉਕਤ ਔਰਤ ਦਾ ਵਿਰੋਧ ਕੀਤਾ ਜਾਂਦਾ ਤਾਂ ਉਹ ਉਸ ਲੜਕੀ ਦੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦੀ ਅਤੇ ਨਾਲ ਹੀ ਹੋਰ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਵੀ ਦਿੱਤੇ ਜਾਂਦੇ ਸਨ। ਲੜਕੀ ਨੇ ਦੱਸਿਆ ਕਿ ਅਖੀਰ ਤੰਗ ਆ ਕੇ ਉਸ ਨੇ ਇਕ ਵੀਡੀਓ ਬਣਾਈ ਅਤੇ ਉਸ ਨੂੰ ਵਾਇਰਲ ਕਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜ ਸੇਵੀ ਸੰਸਥਾ ਨੇ ਉਸਦੇ ਨਾਲ ਸੰਪਰਕ ਕੀਤਾ ਅਤੇ ਘਰ ਆ ਕੇ ਉਕਤ ਔਰਤ ਦੀ ਕੈਦ ਚੋਂ ਉਸ ਨੂੰ ਛੁਡਾ ਲਿਆ।

ਮੁੱਖ ਦੋਸ਼ੀ ਅਜੇ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ

ਲੜਕੀ ਨੇ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਹੋਰ ਕੁੜੀਆਂ ਦਾ ਭਵਿੱਖ ਬਰਬਾਦ ਹੋਣੋਂ ਬਚ ਸਕੇ। ਇਸ ਸਬੰਧ ਵਿੱਚ ਸਮਾਜ ਸੇਵੀ ਸੰਸਥਾ ਦੇ ਮੈਂਬਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਵੀਡੀਓ ਵੇਖਣ ਤੋਂ ਬਾਅਦ ਉਨ੍ਹਾਂ ਨੇ ਉਕਤ ਲੜਕੀ ਨੂੰ ਔਰਤ ਦੀ ਕੈਦ ਵਿੱਚੋਂ ਛੁਡਵਾਇਆ ਹੈ ਅਤੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦੇ ਬਿਆਨ ਕਲਮਬੰਦ ਕਰਵਾਏ ਗਏ ਹਨ।ਉਨ੍ਹਾਂ ਕਿਹਾ ਕਿ ਜਿਹੜੀਆਂ ਹੋਰ ਵੀ ਕੁੜੀਆਂ ਉਕਤ ਔਰਤ ਦੀ ਕੈਦ ਵਿੱਚ ਹਨ ਉਨ੍ਹਾਂ ਨੂੰ ਵੀ ਜਲਦ ਹੀ ਛੁਡਵਾ ਲਿਆ ਜਾਵੇਗਾ।
ਦੂਜੇ ਪਾਸੇ ਜਦ ਪੁਲਸ ਜਾਂਚ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਵੀ ਕਰ ਲਈ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁੱਖ ਦੋਸ਼ੀ ਅਜੇ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਬਹੁਤ ਜਲਦ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular